Kalam Kalam
Profile Image
Ninder Chand
3 days ago

ਟੋਪਰ

ਪਿੰਡੋਂ ਆਈ ਰਾਜਦੀਪ ਨੂੰ ਸ਼ਹਿਰ ਦੇ ਇਕ ਪ੍ਰਸਿੱਧ ਸਕੂਲ ਵਿੱਚ ਦਾਖ਼ਲਾ ਮਿਲ ਗਿਆ। ਅਕਲ ਦੀ ਤੇਜ਼ ਸੀ, ਪਰ ਸ਼ਹਿਰ ਦੇ ਤੇਜ਼ ਤਰਾਰ ਬੱਚਿਆਂ ਦੀ ਚਮਕ ਵਿੱਚ ਓਹਦੀ ਸਾਦਗੀ ਕਦੇ-ਕਦੇ ਗੁੰਮ ਹੋ ਜਾਂਦੀ। ਸਕੂਲ ਦੇ ਗੇਟ 'ਤੇ ਜਦੋਂ ਜਨਤਕ ਪੋਸਟਰ ਲਗਦੇ, ਉਨ੍ਹਾਂ ‘ਚ ਹਮੇਸ਼ਾ ਟੌਪਰਾਂ ਦੀਆਂ ਤਸਵੀਰਾਂ ਹੁੰਦੀਆਂ। ਸਾਲ ਦੇ ਅਖੀਰ ਵਿੱਚ ਜਦੋਂ ਰਿਜਲਟ ਆਇਆ, ਰਿਤੂ ਨੇ ਫਿਰ ਪਹਿਲਾ ਸਥਾਨ ਹਾਸਲ ਕੀਤਾ। ਸਕੂਲ ਦੀ ਡਾਇਰੀ ‘ਚ ਉਸ ਦੀ ਤਸਵੀਰ ਸੀ, ਕੈਲੰਡਰ ‘ਤੇ ਵੀ। ਅਧਿਆਪਕ ਉਸ ਦੀ ਮਿਸਾਲ ਦਿੰਦੇ ਤੇ ਕਹਿੰਦੇ, "ਜੇ ਰਿਤੂ ਵਰਗੇ ਹੋ ਜਾਵੋਗੇ, ਤਾਂ ਤੁਹਾਨੂੰ ਵੀ ਪੋਸਟਰ ‘ਚ ਜਗ੍ਹਾ ਮਿਲੂਗੀ।" ਪਰ ਰਾਜਦੀਪ...? ਰਾਜਦੀਪ ਨੇ ਵੀ ਸਾਲ ਭਰ ਪੂਰੀ ਕੋਸ਼ਿਸ਼ ਕੀਤੀ ਸੀ, ਪਰ ਉਸਦੇ 70% ਨੰਬਰ ਹੀ ਆਏ। ਨਾ ਕੋਈ ਤਸਵੀਰ, ਨਾ ਕੋਈ ਤਾਰੀਫ਼। ਘਰ ਜਾ ਕੇ ਚੁੱਪ ਕਰ ਗਈ । ਮਾਂ ਨੇ ਪੁੱਛਿਆ, "ਕੀ ਹੋਇਆ ਪੁੱਤ?" ਉਸ ਦੀਆਂ ਅੱਖਾਂ ਪਾਣੀ ਨਾਲ ਭਰੀਆਂ ਹੋਈਆਂ ਸਨ। "ਮਾਂ, ਕੀ ਮੈਂ ਬੁਰੀ ਹਾਂ? ਮੇਰੇ ਨੰਬਰ ਚੰਗੇ ਨਹੀਂ ਆਏ, ਕੋਈ ਮੇਰੀ ਗੱਲ ਨਹੀਂ ਕਰਦਾ।" ਮਾਂ ਨੇ ਰਾਜਦੀਪ ਨੂੰ ਛਾਤੀ ਨਾਲ ਲਾ ਕੇ ਕਿਹਾ, "ਨੰਬਰ ਕਦੇ ਵੀ ਤੇਰੀ ਕਾਬਲੀਅਤ ਦਾ ਅੰਦਾਜ਼ਾ ਨਹੀਂ ਦੇ ਸਕਦੇ।" ਇੱਕ ਹਫ਼ਤੇ ਬਾਅਦ ਖ਼ਬਰ ਆਈ – ਅੰਜਲੀ, ਜੋ ਰਾਜਦੀਪ ਨਾਲ ਹੀ ਪੜ੍ਹਦੀ ਸੀ, ਨੇ ਆਪਣੇ ਘਰ ਵਿੱਚ ਖੁਦਕੁਸ਼ੀ ਕਰ ਲਈ। ਨੋਟ ਚ ਰਹਿ ਗਿਆ – "ਮੈਂ ਵੀ ਰਿਤੂ ਵਰਗੀ ਬਣਨਾ ਚਾਹੁੰਦੀ ਸੀ, ਪਰ ਮੇਰੇ ਕਦੇ ਨੰਬਰ ਨਹੀਂ ਆਉਂਦੇ, ਮਾਂ ਬਾਪ ਵੀ ਰੋਜ਼ ਤਾਅਨੇ ਦਿੰਦੇ ਨੇ , ਮੈਂ ਹੁਣ ਥੱਕ ਚੁੱਕੀ ਹਾਂ , ਸਕੂਲ ਬਾਹਰ ਲੱਗੇ ਵੱਡੇ ਵੱਡੇ ਟੋਪਰਾਂ ਦੇ ਪੋਸਟਰ ਮੈਨੂੰ ਚੰਗੇ ਨਹੀਂ ਲੱਗਦੇ , ਕਦੇ ਕਦੇ ਸਿਲ ਕਰਦਾ ਸੀ ਉਹਨਾਂ ਨੂੰ ਅੱਗ ਲਾ ਦਿਆਂ, ਟੋਪਰਾਂ ਨੂੰ ਜੋ ਪਿਆਰ ਮਿਲਦਾ ਹੈ ਉਹ ਕਦੇ ਮੇਰੇ ਹਿੱਸੇ ਨਹੀਂ ਆਇਆ , ਚਾਹੇ ਸਕੂਲ ਹੋਵੇ ਜਾਂ ਘਰ । ਮੈਨੂੰ ਕਦੇ ਕਿਸੇ ਨੇ ਪੁੱਛਿਆ ਹੀ ਨਹੀਂ ਕਿ ਤੇਰਾ ਸ਼ੋਂਕ ਕੀ ਹੈ , ਤੈਨੂੰ ਕੀ ਪਸੰਦ ਹੈ । ਸਾਰਿਆਂ ਨੂੰ ਬੱਸ ਪਰਸੈਂਟੇਜ ਚਾਹੀਦੀ ਸੀ । ਮੈਂ ਇਸ ਸਿਸਟਮ ਤੋਂ ਤੰਗ ਆ ਚੁੱਕੀ ਆ । ਇੰਝ ਲੱਗਦਾ ਜਿਵੇਂ ਸਕੂਲ ਚ ਸਿੱਖਿਆ ਲੈਣ ਦੀ ਬਜਾਏ ਅਸੀਂ ਇੱਕ ਰੇਸ ਲਗਾਉਣ ਜਾ ਰਹੇ ਆ , ਕਦੇ ਆਪਣੇ ਨਾਲ , ਕਦੇ ਸਾਥੀ ਵਿਦਿਆਰਥੀਆਂ ਨਾਲ , ਜੋ ਅੱਗੇ ਲੰਘ ਜਾਂਦਾ ਉਸਨੂੰ ਸਾਰੇ ਪਿਆਰ ਕਰਦੇ ਆ ਤੇ ਮੇਰੇ ਵਰਗੇ ਜੋ ਪਿੱਛੇ ਰਹਿ ਜਾਂਦੇ ਆ ਉਹਨਾਂ ਨੂੰ ਕੋਈ ਨਹੀਂ ਪੁੱਛਦਾ , ਬੇਸ਼ੱਕ ਅਸੀਂ ਕਿੰਨੀ ਹੀ ਜੀ ਜਾਨ ਨਾਲ ਮੇਹਨਤ ਕੀਤੀ ਹੋਵੇ । ਇੰਝ ਲੱਗਦਾ ਕਿ ਉਹਨਾਂ ਸਾਰਿਆਂ ਨੇ ਸਾਡੇ ਹਾਰਨ ਵਾਲਿਆਂ ਤੇ ਪੈਸੇ ਲਗਾਏ ਸੀ ਜੋ ਡੁੱਬ ਗਏ । ਕਾਸ਼ ਜੇ ਮੈਂ ਅਗਲੀ ਵਾਰ ਜਨਮ ਲਵਾਂ ਤਾਂ ਸਕੂਲ ਦਾ ਸਿਸਟਮ ਬਦਲ ਗਿਆ ਹੋਵੇ । ਇਸ ਨੋਟ ਨੇ ਜਿਵੇਂ ਇੱਕ ਕ੍ਰਾਂਤੀ ਲੈ ਆਂਦੀ ਹੋਵੇ , ਸਾਰੇ ਅਖਬਾਰ , ਸੋਸ਼ਲ ਮੀਡਿਆ , ਟੀਵੀ , ਗਲੀਆਂ ਮੁਹੱਲਿਆਂ , ਘਰਾਂ ਚ , ਫੋਨ ਤੇ ਸਭ ਬਸ ਇਸ ਬਾਰੇ ਹੀ ਗੱਲ ਕਰ ਰਹੇ ਸਨ । ਸਕੂਲ ਨੂੰ ਵੀ ਇੱਕ ਸਬਕ ਮਿਲਿਆ। ਅਗਲੇ ਸਾਲ, ਸਕੂਲ ਕੈਲੰਡਰ 'ਚ ਸਿਰਫ਼ ਟੌਪਰਾਂ ਦੀਆਂ ਹੀ ਨਹੀਂ, ਹਰ ਵਿਭਾਗ – ਖੇਡਾਂ, ਕਲਾ, ਸਾਫ਼ ਸਫ਼ਾਈ, ਦੋਸਤਦਾਰੀ, ਨੈਤਿਕਤਾ – ਦੇ ਬੱਚਿਆਂ ਦੀਆਂ ਤਸਵੀਰਾਂ ਸੀ। ਕੈਲੰਡਰ ਦੇ ਬਾਹਰ ਵੱਡੇ ਵੱਡੇ ਅੱਖਰਾਂ ਚ ਇੱਕ ਲਾਈਨ ਲਿਖੀ ਸੀ – "ਸਫਲਤਾ ਸਿਰਫ਼ ਨੰਬਰਾਂ ਦੀ ਮੁਹਤਾਜ਼ ਨਹੀਂ, ਹਰ ਬੱਚਾ ਖਾਸ ਹੈ, ਹਰ ਬੱਚਾ ਟੋਪਰ ਹੈ । ਆਸ ਕਰਦਾ ਕਹਾਣੀ ਪਸੰਦ ਆਈ ਹੋਵੇਗੀ , ਲਾਇਕ ਅਤੇ ਕੰਮੈਂਟ ਜਰੂਰ ਕਰਿਓ ਨਿੰਦਰ ਚਾਂਦ

Please log in to comment.

More Stories You May Like