ਸਰਕਾਰੀ ਕੰਨਿਆ ਸਕੂਲ ‘ਚ ਬਾਰਵੀਂ ਪਾਸ ਕਰ ਲਈ ਸੀ ਤੇ ਘਰਦਿਆਂ ਨੇ ਉਹਨੂੰ ਆਈਲਟਸ ਕਰਨ ਲਗਾ ਦਿੱਤਾ ।ਸੱਤ ਬੈਂਡ ਆ ਗਏ । ਘਰਦਿਆਂ ਨੂੰ ਪਤਾ ਸੀ ਕਿ ਬੈਂਡ ਆ ਜਾਣੇ ਆ ਤਾਹੀਂ ਉਹ ਸਕੀਰੀਆਂ ਚ ਪਹਿਲਾਂ ਹੀ ਕਹੀ ਬੈਠੇ ਸੀ ਕਿ ਕੋਈ ਚੰਗਾ ਘਰ ਹੋਵੇ ਤਾਂ ਦੱਸਿਉ ।ਵੀਜ਼ਾ ਆਉਣ ਤੇ ਅਖ਼ਬਾਰ ਚ ਐਡ ਦੇ ਦਿੱਤੀ ਤੇ ਨਾਲ ਲਿਖ ਦਿੱਤਾ ਕਿ ਉਹੀ ਸੰਪਰਕ ਕਰਨ ਜੋ ਵਿਆਹ ਤੇ ਪੜ੍ਹਾਈ ਦਾ ਖ਼ਰਚਾ ਕਰ ਸਕਣ । ਕਿੰਨੇ ਰਿਸ਼ਤੇ ਆਏ ਪਰ ਕੋਈ ਪਸੰਦ ਨਹੀਂ ਆਇਆ । ਉਸਦੀ ਭੂਆ ਨੇ ਆਵਦੇ ਦਿਉਰ ਦੇ ਮੁੰਡੇ ਦਾ ਰਿਸ਼ਤਾ ਕਰਾਉਣ ਦੀ ਗੱਲ ਪਿਉ ਦੇ ਕੰਨਾਂ ਚ ਕੱਢੀ ਤੇ ਕਿਹਾ ਕੁੜੀ ਰਾਜ਼ ਕਰੂ । ਮੁੰਡਾ ਕੁੜੀ ਤੋਂ ਪੰਜ ਸਾਲ ਵੱਡਾ ਸੀ ਪਰ ਫਿਰ ਵੀ ਘਰਦਿਆਂ ਨੇ ਭੂਆ ਦੀ ਗੱਲ ਨਾ ਮੋੜੀ ਤੇ ਵਿਆਹ ਦੀ ਗੱਲ ਚੱਲ ਪਈ । ਵਿਆਹ ਵੀਜ਼ਾ ਆਉਣ ਤੇ ਹੋਵੇਗਾ ...ਇਹ ਗੱਲ ਕਾਰਮ ਲਈ ਕਿ ਜੇ ਵੀਜ਼ਾ ਨਾ ਆਇਆ ਤਾਂ ਵਿਆਹ ਨਹੀਂ ਕਰਾਂਗੇ । ਉਹਦਾ ਵੀਜ਼ਾ ਆ ਗਿਆ ਅਤੇ ਦਿਨਾਂ ਚ ਹੀ ਵਿਆਹ ਕਰ ਦਿੱਤਾ ਗਿਆ । ਸਭ ਐਨਾ ਛੇਤੀ ਛੇਤੀ ਹੋਇਆ ਕਿ ਕੁੜੀ ਨੂੰ ਕੁਛ ਨਾ ਸੋਚਣ ਦਿੱਤਾ ਗਿਆ। ਵਿਆਹ ਤੋਂ 15 ਦਿਨ ਬਾਅਦ ਕੁੜੀ ਕੈਨੇਡਾ ਚਲੀ ਗਈ । ਨੱਪ ਘੁੱਟ ਕੇ ਰੱਖੀ ਨੂੰ ਕੈਨੇਡਾ ਜਾ ਕੇ ਪਤਾ ਲੱਗਾ ਕਿ ਘਰ ਦੀਆਂ ਕੰਧਾਂ ਤੋਂ ਬਿਨਾਂ ਵੀ ਦੁਨੀਆਂ ਸੋਹਣੀ ਏ । ਉਹਨੂੰ ਸ਼ਾਹਰੁਖ ਖਾਨ ਦੀਆਂ ਫ਼ਿਲਮਾਂ ਵਾਲੇ ਸੀਨ ਯਾਦ ਆਏ । ਉੱਥੇ ਗੋਰੇ ਗੋਰੀਆਂ ਹੱਥਾਂ ਚ ਹੱਥ ਪਾਏ ਦੇਖਦੀ ਤਾਂ ਉਸਦੇ ਮਨ ਚ ਵੀ ਲੂਹਣੀ ਉੱਠਦੀ ਕਿ ਮੈਂ ਲਵ ਮੈਰਿਜ ਕਰਾਉਣੀ ਸੀ । ਪਹਿਲਾਂ ਉਸ ਨਾਲ ਖੂਬ ਘੁੰਮਣਾ ਸੀ , ਸੁਪਨੇ ਬੁਣਨੇ ਸੀ ਤੇ ਫਿਰ ਵਿਆਹ ਕਰਾਉਣਾ ਸੀ ।ਉਹ ਖ਼ਿਆਲਾਂ ਦੇ ਘਰ ਬਣਾਉਂਦੀ ਰਹਿੰਦੀ । ਘਰਵਾਲੇ ਦਾ ਦਿਹਾੜੀ ‘ਚ ਕਿੰਨੇ ਵਾਰ ਫੋਨ ਕਰਕੇ ਪੁੱਛ ਲੈਂਦਾ ਕਿ ਕੀ ਕਰ ਰਹੀ ਏ ,ਕਿੱਥੇ ਆ , ਨਾਲ ਕੌਣ ਏ ,ਕੀਹਦੇ ਨਾਲ ਘੁੰਮਣ ਗਈ ਸੀ । ਉਹ ਸਫ਼ਾਈਆਂ ਦਿੰਦੀ ਰਹਿੰਦੀ । ਮੁੰਡੇ ਦੇ ਦਿਲ ਚ ਸ਼ੁਰੂ ਤੋਂ ਹੀ ਡਰ ਜੇਹਾ ਸੀ ਕਿ ਕਿਧਰੇ ਕੁੜੀ ਉੱਧਰ ਜਾ ਕੇ ਮੁੱਕਰ ਨਾ ਜਾਵੇ । ਕਦੇ ਕਦੇ ਕੁੜੀ ਅਸਾਈਨਮੈਂਟਸ, ਜੌਬ ਚ ਉਲਝੀ ਰਹਿੰਦੀ ਤੇ ਖਿਝੀ ਹੋਈ ਆਪਣੇ ਘਰਵਾਲੇ ਦਾ ਫੋਨ ਨਾਚਾਹੁੰਦੇ ਹੋਏ ਵੀ ਕੱਟ ਦਿੰਦੀ ਤੇ ਕਦੇ ਚੁੱਕ ਕੇ ਕਹਿ ਦਿੰਦੀ ਕਿ ਬਿਜ਼ੀ ਹਾਂ । ਫਿਰ ਜਦ ਗੱਲ ਹੁੰਦੀ , ਮੁੰਡਾ ਸਾਰਾ ਗੁੱਸਾ ਕੁੜੀ ਤੇ ਕੱਢ ਦਿੰਦਾ ਤੇ ਕਿੰਨੇ ਕਿੰਨੇ ਦਿਨ ਫਿਰ ਗੱਲ ਨਾ ਕਰਦਾ । ਇੱਕ ਦਿਨ ਕਈ ਦਿਨ ਪਿੱਛੋਂ ਉਸਦੇ ਘਰਵਾਲੇ ਨੇ ਫੋਨ ਕੀਤਾ । ਉਹ ਕੰਮ ਤੇ ਸੀ ਤੇ ਉਹਨੇ ਚੁੱਕ ਲਿਆ । ਮੈਨੇਜਰ ਨੇ ਕਿੰਨੇ ਵਾਰ ਉਹਨੂੰ ਵਾਰਨਿੰਗ ਦੇ ਦਿੱਤੀ ਸੀ ਕਿ ਜੌਬ ਤੇ ਫੋਨ ਨਹੀਂ ਵਰਤ ਸਕਦੇ ।ਉਸ ਦਿਨ ਗੱਲ ਕਰਦੇ ਦੇਖ ਮੈਨੇਜਰ ਨੇ ਕਿਹਾ ਕਿ ਕੋਈ ਹੋਰ ਜੌਬ ਦੇਖ ਲਵੇ । ਘਰਵਾਲੇ ਨੂੰ ਦੱਸਿਆ ਕਿ ਇੰਝ ਹੋਇਆ ਤਾਂ ਉਹਨੇ ਬੜੇ ਸਹਿਜ ਜੇਹੇ ਕਹਿ ਦਿੱਤਾ ਕਿ ਕੋਈ ਹੋਰ ਦੇਖ ਲਵੀ । ਇਸ ਗੱਲ ਤੇ ਉਹਨਾਂ ਦੀ ਬਹਿਸ ਹੋਈ ਤੇ ਉਹ ਕੁੜੀ ਇਸ ਉੱਥਲ ਪੁੱਥਲ ਤੋਂ ਪ੍ਰੇਸ਼ਾਨ ਰਹਿੰਦੀ ਪਰ ਕਿਸੇ ਕੋਲ ਦਿਲ ਦੀ ਗੱਲ ਨਾ ਕਰਦੀ । ਕਦੇ ਕਦੇ ਗੁਣਗਣਾਉਂਦੀ “ ਲਾਵਾਂ ਨਾਲ ਪੜ੍ਹਾਉਣ ਵਾਲਿਆਂ ਵੇ ,ਤੂੰ ਮਨ ਸਾਡਾ ਪੜ੍ਹਿਆ ਹੀ ਨਾ ...” ਇੱਕ ਦਿਨ ਸਨੈਪ ਚੈਟ ਤੇ ਉਸਨੇ ਸਟੇਟਸ ਚ ਪਾਸ਼ ਦੀਆਂ ਲਿਖੀਆਂ ਸਤਰਾਂ ਅਪਲੋਡ ਕੀਤੀਆਂ , “ਸਭਤੋਂ ਖ਼ਤਰਨਾਕ ਹੁੰਦਾ ਸੁਪਨਿਆਂ ਦਾ ਮਰ ਜਾਣਾ “। ਉਸਦੇ ਸਟੇਟਸ ਤੇ ਕਿਸੇ ਨੇ ਉਸਨੂੰ ਰਿਪਲਾਈ ਕੀਤਾ ਕਿ ਤੁਸੀਂ ਉਦਾਸ ਕਿਉਂ ਰਹਿੰਦੇ ਹੋ । ਉਹਦਾ ਦਿਲ ਕੀਤਾ ਕਿ ਉਸ ਅਣਜਾਣ ਨੂੰ ਸਭ ਕੁਛ ਦੱਸ ਦਿਆ ਪਰ ਉਹਨੇ ਮੈਸੇਜ ਇਗਨੋਰ ਕੀਤੇ । ਫਿਰ ਉਸ ਵੱਲੋਂ ਰੋਜ਼ ਮੈਸੇਜ ਆਉਣ ਲੱਗਾ ਕਿ ਕੀ ਹੋਇਆ । ਉਸਨੇ ਇੱਕ ਦਿਨ ਖਿੱਝ ਕੇ ਰੁੱਖਾ ਜਾ ਰਿਪਲਾਈ ਕੀਤਾ ਕਿ ਨਾ ਮੈਸੇਜ ਕਰੋ , ਮੈਂ ਅੱਗੇ ਪ੍ਰੇਸ਼ਾਨ ਹਾਂ । ਮੁੰਡੇ ਨੇ ਪੁੱਛਿਆ ਕਿ ਉਹੀ ਪੁੱਛ ਰਿਹਾ ਕਿ ਕਿਉਂ ਪ੍ਰੇਸ਼ਾਨ ਹੋ । ਜਕਦੀ ਜਕਦੀ ਨੇ ਉਹਨੇ ਸਾਰੀ ਗੱਲ ਲਿਖ ਦਿੱਤੀ ਤੇ ਮੁੰਡੇ ਨੇ ਕਿਹਾ ਕਿ ਕੋਈ ਨਾ ਠੀਕ ਹੋ ਜਾਏਗਾ ਸਭ ਕੁਛ ਤੇ ਆਪਣੀ ਪਛਾਣ ਦੱਸੀ ਕਿ ਮੈਂ ਉਸੇ ਸਟੋਰ ਤੇ ਕੰਮ ਕਰਦਾ ਜਿੱਥੇ ਤੁਸੀਂ ਕੰਮ ਕਰਦੇ ਹੋ । ਮੈਨੂੰ ਤੁਸੀਂ ਬੜੇ ਪਿਆਰੇ ਜੇਹੇ ਲੱਗਦੇ ਹੋ ਤੇ ਤੁਹਾਡੇ ਸਾਹਮਣੇ ਆ ਕੇ ਬੁਲਾਉਣ ਦੀ ਕਦੀ ਹਿੰਮਤ ਜੇਹੀ ਨਹੀਂ ਹੋਈ । ਇੰਝ ਗੱਲਾਂ ਕਰਦੇ ਕਰਦੇ ਉਹ ਰੋਜ਼ ਗੱਲਾਂ ਕਰਦੇ । ਹੁਣ ਸਟੋਰ ਤੇ ਵੀ ਇਕੱਠੇ ਖਾਣਾ ਖਾਂਦੇ । ਦੋਸਤ ਦੋਸਤ ਕਹਿੰਦੇ ਪਤਾ ਨਹੀਂ ਕਦੇ ਉਹ ਇੱਕ ਦੂਜੇ ਦੀ ਮੁਹੱਬਤ ਬਣ ਗਏ । ਦੋਵੇਂ ਹਾਣੋ ਹਾਣੀ ਸੀ ਤੇ ਸੋਚ ਮਿਲਦੀ ਸੀ । ਇੱਕ ਦਿਨ ਇੰਸਟਾ ਤੇ ਉਸਨੇ ਉਸ ਮੁੰਡੇ ਨਾਲ ਸਟੋਰੀ ਚ ਤਸਵੀਰ ਪਾ ਦਿੱਤੀ । ਉਹ ਤਸਵੀਰ ਇੰਡੀਆ ਰਹਿੰਦੇ ਉਸਦੇ ਘਰਵਾਲੇ ਨੇ ਦੇਖੀ ਤਾਂ ਨਾਲ ਦੀ ਨਾਲ ਉਸਨੂੰ ਫੋਨ ਕਰ ਲਿਆ ।ਗਾਲੀ ਗਲੋਚ ਹੋਇਆ । ਕੁੜੀ ਨੇ ਸਾਰੀ ਗੱਲ ਸੱਚ ਸੱਚ ਘਰਵਾਲੇ ਨੂੰ ਦੱਸ ਦਿੱਤੀ ਤੇ ਕਿਹਾ ਕਿ ਮੈਨੂੰ ਉਸ ਨਾਲ ਪਿਆਰ ਹੋ ਗਿਆ ਤੇ ਮੈਂ ਕਿਸੇ ਨੂੰ ਧੋਖੇ ਚ ਨਹੀਂ ਰੱਖਣਾ ਚਾਹੁੰਦੀ ।ਮੈਨੂੰ ਮੁਆਫ਼ ਕਰ ਦੇਣਾ ।ਤੁਸੀਂ ਚੱਜ ਨਾਲ ਗੱਲ ਨਹੀਂ ਕਰਦੇ ਤੇ ਮੈਨੂੰ ਉਸ ਵੇਲੇ ਕਿਸੇ ਸਹਾਰੇ ਦੀ ਲੋੜ ਸੀ । ਇਕੱਲੀ ਨਹੀਂ ਸਟਰਗਲ ਕਰ ਸਕਦੀ ਸੀ । ਇਸ ਲਈ ਉਹ ਇਨਸਾਨ ਮੇਰੇ ਨਾਲ ਉਸ ਵਖ਼ਤ ਨਾਲ ਖੜਿਆ ਕਦੋਂ ਤੁਸੀਂ ਉਲਝੇ ਹੋਏ ਰਿਸ਼ਤੇ ਨੂੰ ਸੁਲਝਾਉਣ ਦੀ ਬਜਾਏ ਫ਼ੋਨ ਸਵਿੱਚ ਆਫ਼ ਕਰ ਮੇਰੇ ਤੋਂ ਮੂੰਹ ਮੋੜ ਲਿਆ ।ਘਰਵਾਲੇ ਨੇ ਕੁੜੀ ਦੀ ਗੱਲ ਦਾ ਕੋਈ ਜਵਾਬ ਦਿੱਤੇ ਬਿਨਾਂ ਗੱਲ ਕਰਦੇ ਨੇ ਫੋਨ ਵਗ੍ਹਾ ਕੇ ਮਾਰਿਆ । ਕੁੜੀ ਕਿੰਨੇ ਦਿਨ ਲਗਾਤਾਰ ਕਾਲ ਕਰਦੀ ਰਹੀ ਪਰ ਉਧਰੋਂ ਕੋਈ ਜਵਾਬ ਨਾ ਆਇਆ । ਇੱਕ ਦਿਨ ਉਹਨੇ ਜ਼ਿੰਦਗੀ ਤੋਂ ਹਾਰੀ ਨੇ ਬੈਠੀ ਬੈਠੀ ਨੇ ਪ੍ਰੇਸ਼ਾਨ ਹੋ ਨਬਜ਼ ਕੱਟ ਲਈ । ਚੰਗੇ ਕਰਮਾਂ ਨੂੰ ਉਸ ਦਿਨ ਉਹ ਸਟੋਰ ਵਾਲਾ ਮੁੰਡਾ ਅਚਾਨਕ ਉੱਥੇ ਆ ਗਿਆ । ਹਸਪਤਾਲ ਦਾਖ਼ਲ ਕਰਵਾਇਆ । ਪਿੰਡ ਗੱਲ ਪੁੱਜ ਗਈ । ਗੱਲ ਸੁਣ ਮਾਂ ਪਿਉ ਦਾ ਮਨ ਵਲੂੰਦਰਿਆ ਗਿਆ ਤੇ ਉਹਨਾਂ ਨੇ ਭੂਆ ਨੂੰ ਸਿੱਧਾ ਕਹਿ ਕਿਹਾ , “ਜਿਵੇਂ ਦਿਲ ਕਰਦਾ ਉਵੇਂ ਕਰ ਲੈ ਪੁੱਤ ਤੇ ਉਹਨਾਂ ਨੇ ਕੁੜੀ ਦੀ ਭੂਆ ਨੂੰ ਠੋਕ ਕੇ ਕਹਿ ਦਿੱਤਾ ਕਿ ਸਾਡਾ ਉਹਨਾਂ ਨਾਲ ਕੋਈ ਰਿਸ਼ਤਾ ਨਹੀਂ , ਕੁੜੀ ਦੀ ਮਰਜ਼ੀ ਆ ,ਜਿਸ ਨਾਲ ਉਸਨੇ ਰਹਿਣਾ ਰਹਿ ਲਵੇ । ਮੁੰਡਾ ਨਸ਼ਾ ਵੀ ਤਾਂ ਕਰਦਾ ਪਰ ਅਸੀਂ ਚੁੱਪ ਰਹੇ ਤੇਰੇ ਮੂੰਹ ਨੂੰ ਕਿ ਚੱਲ ਕੱਲ੍ਹ ਨੂੰ ਆਪ ਸੁਧਰ ਜੂ । ਸਾਡੀ ਧੀ ਨੇ ਬਥੇਰਾ ਕਿਹਾ ਸੀ ਕਿ ਮੁੰਡਾ ਨਸ਼ਈ ਏ ਪਰ ਉਹ ਕਮਲੀ ਬੋਲ ਕੇ ਹਟ ਗਈ ਤੇ ਸਾਡੇ ਮੂੰਹ ਨੂੰ ਫਿਰ ਚੁੱਪ ਹੋ ਗਈ ਤੇ ਸਾਨੂੰ ਉਹਨਾਂ ਦੀ ਭਰੀ ਹੋਈ ਫ਼ੀਸ ਦਬਾ ਰਹੀ ਸੀ । ਅਸੀਂ ਕੁੜੀ ਡੋਬ ਦਿੱਤੀ । “ ਭੂਆ ਭਰਾ ਦੀਆਂ ਗੱਲਾਂ ਸੁਣ ਗੁੱਸੇ ਹੋ ਕੇ ਚਲੀ ਗਈ । ਮੁੰਡੇ ਵਾਲਿਆਂ ਨੇ ਧੋਖਾਧੜੀ ਦਾ ਕੇਸ ਕਰ ਦਿੱਤਾ ਕੁੜੀ ਤੇ ਤੇ ਕੁੜੀ ਵਾਲਿਆਂ ਤੇ । ਕੁੜੀ ਇੰਡੀਆ ਆਈ ਤੇ ਪੰਚਾਇਤ ਹੋਈ,ਫ਼ੈਸਲਾ ਇਹ ਹੋਇਆ ਕਿ ਦੋਵੇਂ ਫਿਰ ਤੇ ਇਕੱਠੇ ਰਹਿਣਗੇ । ਕੁੜੀ ਨੇ ਵੀ ਮਨ ਸਮਝਾ ਲਿਆ । 3 ਮਹੀਨਿਆਂ ਲਈ ਇੰਡੀਆ ਆਈ ਕੁੜੀ ਸਹੁਰੇ ਰਹਿਣ ਲੱਗੀ । ਅਣਮੰਨੇ ਮਨ ਨਾਲ ਫਿਰ ਤੋਂ ਕੁੜੀ ਦੀ ਜ਼ਿੰਦਗੀ ਦਾ ਸਮਝੌਤਾ ਹੋ ਗਿਆ । ਐਤਵਾਰ ਦੀ ਸਵੇਰ ਪੁਲਿਸ ਘਰ ਆਈ ਤੇ ਖ਼ਬਰ ਦੱਸੀ ਕਿ ਉਹਨਾਂ ਦੇ ਮੁੰਡੇ ਨਹਿਰ ਤੇ ਲਾਸ਼ ਪਈ ਮਿਲੀ ਏ ਤੇ ਮੌਤ ਦਾ ਕਾਰਨ ਚਿੱਟੇ ਦੀ ਓਵਰਡੋਜ਼ ਏ । ਉਹ ਕੁੜੀ ਗੁੰਮ ਸੁੰਮ ਹੋਈ । ਉਹਨੂੰ ਸਮਝ ਨਹੀਂ ਆ ਰਹੀ ਸੀ ਕਿ ਕਿਸਨੂੰ ਕੋਸਾਂ ਘਰਦਿਆਂ ਨੂੰ ਜਾਂ ਆਪਣੇ ਆਪ ਨੂੰ । ਵਿਹੜੇ ‘ਚ ਪਈ ਘਰਵਾਲੇ ਦੀ ਲਾਸ਼ ਕੋਲ ਬੈਠੀ ਉਹ ਕਦੀ ਉਸ ਵੱਲ ਦੇਖਦੀ ਤੇ ਕਦੇ ਥੋੜਾ ਜੇਹੇ ਵਧੇ ਆਵਦੇ ਪੇਟ ਵੱਲ । ਜ਼ਿੰਦਗੀ ਦਾ ਹੌਕਾ ਢਿੱਡ ਦਾ ਜੀਅ ਬਣ ਗਿਆ ਸੀ । ਵੱਖ ਕਿਵੇਂ ਕਰਦੀ । ਕਈ ਵਾਰ ਰਿਸ਼ਤੇ ਬਚਾਉਣ ਲਈ ਲਏ ਫ਼ੈਸਲੇ ਸਾਡਾ ਗਲ ਘੁੱਟਣ ਲੱਗ ਜਾਂਦੇ ਨੇ । #brarjessy Brar Jessy
Please log in to comment.