ਮੇਰਾ ਬਚਪਨ ਫਰੀਦਕੋਟ ਵਿੱਚ ਬੀਤਆ ਹੈ। ਮੈਂ ਜਦ ਛੇਵੀਂ ਜਮਾਤ ਵਿੱਚ ਦਾਖਲਾ ਸੰਗਤ ਸਾਹਿਬ ਭਾਈ ਫੇਰੂ ਖਾਲਸਾ ਹਾਈ ਸਕੂਲ ਵਿੱਚ ਲਿਆ ਤਾਂ ਉਹ ਘਰ ਤੋਂ ਲੱਗਭਗ ਦੋ ਕੁ ਕਿਲੋਮੀਟਰ ਦੂਰ ਸੀ। ਹਰ ਰੋਜ਼ ਦੋ ਕਿਲੋਮੀਟਰ ਪੈਦਲ ਚੱਲ ਕੇ ਸਕੂਲ ਆਉਣਾ ਤੇ ਫਿਰ ਉਸੇ ਤਰ੍ਹਾਂ ਵਾਪਸ ਪੈਦਲ ਚੱਲ ਕੇ ਘਰ ਜਾਣਾ ਇੱਕ ਸਵਰਗ ਦੇ ਝੂਟੇ ਬਰਾਬਰ ਸੀ। ਮੈਂ ਤੇ ਮੇਰਾ ਭਰਾ ਹੌਲੀ ਹੌਲੀ ਗੱਲਾਂ ਕਰਦੇ, ਆਸ ਪਾਸ ਦੇ ਲੋਕਾਂ, ਘਰਾਂ, ਦੁਕਾਨਾਂ ਤੇ ਇਮਾਰਤਾਂ ਦੇਖਦੇ ਸਕੂਲ ਪਹੁੰਚਦੇ। ਛੇਵੀਂ ਜਮਾਤ ਵਿੱਚ ਪਹਿਲੀ ਵਾਰ ਇਤਿਹਾਸ ਨਾਲ ਵਾਹ ਪਿਆ। ਪਤਾ ਲੱਗਾ ਕਿ ਸਦੀਆਂ ਪਹਿਲਾਂ ਲੋਕ ਹੜੱਪਾ ਮੁਹਿੰਜੋਦੜੋ ਸਥਾਨ 'ਤੇ ਬੜੇ ਹੀ ਸਲੀਕੇ ਨਾਲ ਰਹਿੰਦੇ ਸਨ। ਹੜੱਪਾ ਮੁਹਿੰਜੋਦੜੋ ਸਭਿਅਤਾ ਦੇ ਸ਼ਹਿਰਾਂ ਦੀਆਂ ਸੜਕਾਂ ਤੇ ਗਲੀਆਂ ਇੱਕ ਦੂਜੇ ਨੂੰ ਨੱਬੇ ਡਿਗਰੀ ਦੇ ਕੋਣ 'ਤੇ ਕੱਟਦੀਆਂ ਸਨ। ਘਰਾਂ ਦੀ ਬਣਤਰ ਅਤੇ ਅਕਾਰ ਅਦਭੁਤ ਸਨ। ਘਰਾਂ ਦੇ ਬਾਹਰ ਬਾਣੀਆਂ ਨਿਕਾਸ ਲਈ ਨਾਲੀਆਂ ਪੱਥਰ ਦੀਆਂ ਸਿਲਾਂ ਨਾਲ ਢਕੀਆਂ ਹੁੰਦੀਆਂ ਸਨ। ਸਫ਼ਾਈ ਕਰਨ ਲਈ ਇਨ੍ਹਾਂ ਨੂੰ ਜਰੂਰਤ ਮੁਤਾਬਿਕ ਹਟਾਇਆ ਜਾ ਸਕਦਾ ਸੀ। ਤੇ ਸ਼ਹਿਰੋਂ ਬਾਹਰ ਜਾਂਦੇ ਪਾਣੀ ਦੇ ਨਿਕਾਸ ਲਈ ਬਣਾਏ ਗਏ ਵੱਡੇ ਨਾਲ਼ੇ ਵੀ ਬੜੇ ਵਿਉਂਤਬੱਧ ਤਰੀਕੇ ਨਾਲ ਬਣੇ ਹੋਏ ਸਨ। ਘਰਾਂ ਦੇ ਅੰਦਰ ਪਾਣੀ ਦੀ ਜ਼ਰੂਰਤ ਲਈ ਖੂਹ ਬਣੇ ਹੋਏ ਸਨ। ਸ਼ਹਿਰ ਦੀਆਂ ਸਾਰੀਆਂ ਰਾਜਨੀਤਕ ਤੇ ਮਹੱਤਵਪੂਰਨ ਇਮਾਰਤਾਂ ਇੱਕ ਉੱਚੀ ਜਗ੍ਹਾ ਜੋ ਕਿ ਇੱਕ ਵਿਸ਼ਾਲ ਮੰਚ ਦੀ ਤਰ੍ਹਾਂ ਹੁੰਦੀ ਸੀ, 'ਤੇ ਬਣੀਆਂ ਹੁੰਦੀਆਂ ਸਨ। ਇਸ ਦਾ ਕਾਰਨ ਸ਼ਾਇਦ ਹੜਾਂ ਆਦਿ ਮੌਕੇ ਮਹੱਤਵਪੂਰਨ ਇਮਾਰਤਾਂ ਨੂੰ ਬਚਾਈ ਰੱਖਣਾ ਸੀ। ਇਸ ਸਭਿਅਤਾ ਦੇ ਸ਼ਹਿਰ ਸਿੰਧ ਨਦੀ ਕਿਨਾਰੇ ਬਣੇ ਹੋਏ ਸਨ ਤਾਂ ਜੋ ਪਾਣੀ ਦੁਆਰਾ ਰੋਜ਼ ਮਰਾ ਦੀਆਂ ਜ਼ਰੂਰਤਾਂ ਪੂਰੀਆਂ ਕੀਤੀਆਂ ਜਾ ਸਕਣ। ਸ਼ਹਿਰ ਦੇ ਬਾਹਰ ਨਿਮਨ ਪੱਧਰ ਦੇ ਲੋਕ ਭਾਵ ਕਾਰੀਗਰ, ਸ਼ਿਲਪਕਾਰ ਤੇ ਸਫ਼ਾਈ ਕਰਨ ਵਾਲੇ ਰਹਿੰਦੇ ਸਨ। ਸ਼ਾਇਦ ਇਹ ਉਸ ਸਮੇਂ ਦੇ ਜਾਤੀਵਾਦ ਜਾਂ ਕਾਰਖਾਨਿਆਂ ਦੇ ਪ੍ਰਦੂਸ਼ਣ ਜਾਂ ਅਵਾਜ਼ ਪ੍ਰਦੂਸ਼ਣ ਕਰਕੇ ਸੀ। ਮੈਨੂੰ ਅਜਿਹੀ ਸਭਿਅਤਾ ਬਾਰੇ ਪੜ੍ਹ ਕੇ ਬੜਾ ਆਨੰਦ ਆਉਂਦਾ ਸੀ। ਮੈਂ ਚਾਹੁੰਦਾ ਸੀ ਕਿ ਮੇਰੀ ਮੌਜੂਦਾ ਜ਼ਿੰਦਗੀ ਵਿਚ ਅਜਿਹੇ ਸ਼ਹਿਰ ਹੋਣ ਜਿੱਥੇ ਗੰਦਗੀ ਦਾ ਨਾਮੋ ਨਿਸ਼ਾਨ ਨਾ ਹੋਵੇ। ਜਿੱਥੇ ਪਾਣੀ ਦੀ ਨਿਕਾਸੀ ਵਾਲੇ ਨਾਲੀਆਂ ਤੇ ਨਾਲੇ ਢਕੇ ਹੋਏ ਹੋਣ, ਸ਼ਹਿਰ ਸਾਫ਼ ਸੁੰਦਰ ਅਤੇ ਹਰੇ ਭਰੇ ਹੋਣ। ਪਰ ਅਸਲ ਜ਼ਿੰਦਗੀ ਵਿੱਚ ਅਜਿਹੇ ਸ਼ਹਿਰਾਂ ਦੀ ਸਿਰਫ ਕਲਪਨਾ ਹੀ ਕੀਤੀ ਜਾ ਸਕਦੀ ਸੀ। ਹਕੀਕਤ ਇਹ ਸੀ ਕਿ ਜਦ ਮੈਂ ਤੇ ਮੇਰਾ ਭਰਾ ਸ਼ਹਿਰ ਦੀਆਂ ਵਿੰਗ ਵਲੇਵੇਂ ਖਾਂਦੀਆਂ ਸੜਕਾਂ ਤੇ ਗਲੀਆਂ ਰਾਹੀਂ ਜਦ ਸਕੂਲ ਜਾਂਦੇ ਤਾਂ ਰਸਤੇ ਵਿੱਚ ਅਕਸਰ ਕੂੜਾ ਕਰਕਟ ਤੇ ਗੰਦਗੀ ਦੇ ਵੀ ਭਰਪੂਰ ਦਰਸ਼ਨ ਕਰਦੇ। ਮੀਹਾਂ ਦੇ ਦੌਰਾਨ ਤਾਂ ਹਾਲਤ ਹੋਰ ਵੀ ਵਧੇਰੇ ਖਰਾਬ ਹੋ ਜਾਂਦੀ ਜਦ ਘੰਟਾਘਰ ਚੌਂਕ ਪਾਣੀ ਨਾਲ ਭਰ ਜਾਂਦਾ। ਫਿਰ ਅਸੀਂ ਗਲੀਓ ਗਲੀ ਰਸਤਾ ਬਦਲ ਬਦਲ ਕੇ ਸਕੂਲ ਪਹੁੰਚਦੇ। ਉਸ ਸਮੇਂ ਇਹ ਸੋਚ ਕੇ ਬਹੁਤ ਹੈਰਾਨੀ ਹੁੰਦੀ ਕਿ ਹਜ਼ਾਰਾਂ ਸਾਲ ਪਹਿਲਾਂ ਅੱਜ ਨਾਲੋਂ ਬਿਹਤਰ ਪਾਣੀ ਨਿਕਾਸੀ ਦੇ ਇੰਤਜ਼ਾਮ ਸਨ। ਕਦੇ ਕਦੇ ਸ਼ਾਮ ਨੂੰ ਸੈਰ ਕਰਦੇ ਸਮੇਂ ਜਦ ਫ਼ਰੀਦਕੋਟ ਸ਼ਹਿਰ ਦੇ ਮੁਹੱਲਾ ਮਾਹੀਖਾਨਾ ਲੰਘਦੇ ਤਾਂ ਸਿੰਧੂ ਘਾਟੀ ਸੱਭਿਅਤਾ ਦੇ ਸ਼ਹਿਰ ਫਿਰ ਯਾਦ ਆ ਜਾਂਦੇ। ਕਿਉਂ ਕਿ ਮੁਹੱਲਾ ਮਾਹੀਖਾਨਾ ਦੀਆਂ ਗਲੀਆਂ ਵੀ ਇੱਕ ਦੂਜੇ ਨੂੰ ਨੱਬੇ ਦੇ ਕੌਣ 'ਤੇ ਕੱਟਦੀਆਂ ਹਨ। ਪਰ ਨਾ ਤਾਂ ਨਾਲੀਆਂ ਢੱਕੀਆਂ ਹੋਈਆਂ ਹਨ ਤੇ ਨਾ ਹੀ ਕੂੜੇ ਕਰਕਟ ਤੇ ਗੰਦਗੀ ਦੀ ਘਾਟ ਹੈ। ਬਸ ਇੱਕ ਸਮਾਨਤਾ ਗਲੀਆਂ ਨੂੰ ਇੱਕ ਦੂਜੇ ਨੂੰ ਨੱਬੇ ਦੇ ਕੌਣ 'ਤੇ ਕੱਟਣ ਦੀ ਹੀ ਹੈ। ਫਿਰ ਸਕੂਲ ਦੀ ਪੜ੍ਹਾਈ ਮੁਕਾ ਉਚ ਵਿਦਿਆ ਲਈ ਚੰਡੀਗੜ੍ਹ ਜਾਣਾ ਪਿਆ। ਚੰਡੀਗੜ੍ਹ ਰਹਿੰਦੇ ਸਮੇਂ ਚੰਡੀਗੜ੍ਹ ਨਾਲ ਪਹਿਲੀ ਨਜ਼ਰੇ ਪਿਆਰ ਹੋ ਗਿਆ। ਸਾਫ਼ ਸੁਥਰੀਆਂ ਗਲੀਆਂ ਤੇ ਸੜਕਾਂ, ਸੜਕਾਂ 'ਤੇ ਲੱਗੇ ਛਾਂ ਦਾਰ ਦਰਖ਼ਤ, ਹਰ ਸੈਕਟਰ ਦੇ ਹਰ ਘਰ ਅੱਗੇ ਜਾਂਦੀ ਪੱਕੀ ਸੜਕ, ਬੱਚਿਆਂ ਦੇ ਖੇਡਣ ਲਈ ਖੁਲ੍ਹੇ ਖੇਡ ਮੈਦਾਨ ਤੇ ਪਾਰਕ। ਇਸ ਸਭ ਨੇ ਮਨ ਤੇ ਗਹਿਰਾ ਪ੍ਰਭਾਵ ਛੱਡਿਆ। ਜਿੰਨ੍ਹੇ ਸਾਲ ਚੰਡੀਗੜ੍ਹ ਰਿਹਾ, ਚੰਡੀਗੜ੍ਹ ਨਾਲ ਪਿਆਰ ਗੂੜ੍ਹੇ ਇਸ਼ਕ ਦਾ ਰੂਪ ਧਾਰਨ ਕਰ ਗਿਆ। ਚੰਡੀਗੜ੍ਹ ਰਹਿੰਦੇ ਪਹਿਲੀ ਵਾਰ ਮਹਿਸੂਸ ਹੋਇਆ ਕਿ ਹੜੱਪਾ ਮੁਹਿੰਜੋਦੜੋ ਵਰਗੇ ਸ਼ਹਿਰ ਅੱਜ ਵੀ ਵਸਾਏ ਜਾ ਸਕਦੇ ਹਨ। ਚੰਡੀਗੜ੍ਹ ਸ਼ਹਿਰ ਦੇ ਪਾਣੀ ਦਾ ਨਿਕਾਸ ਪ੍ਰਬੰਧ ਵੀ ਕਮਾਲ ਦਾ ਹੈ। ਨਾਲੀਆਂ ਤੇ ਨਾਲੇ ਕਿਧਰੇ ਵੀ ਵਿਖਾਈ ਨਹੀਂ ਦਿੰਦੇ। ਸੰਪੂਰਨ ਨਿਕਾਸ ਪ੍ਰਬੰਧ ਸੁਚੱਜੇ ਤਰੀਕੇ ਦਾ ਤੇ ਢੱਕਿਆ ਹੋਇਆ ਹੈ। ਚੰਡੀਗੜ੍ਹ ਸ਼ਹਿਰ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਪੈਰਾਂ ਵਿਚ ਵੱਸਿਆ ਹੋਇਆ ਹੈ। ਇਸ ਸ਼ਹਿਰ ਦੀਆਂ ਮੁੱਖ ਸੜਕਾਂ ਵੀ ਇੱਕ ਦੂਜੇ ਨੂੰ ਨੱਬੇ ਦੇ ਕੌਣ ਤੇ ਕੱਟਦੀਆਂ ਹਨ। ਸ਼ਹਿਰ ਦੀਆਂ ਮੁੱਖ ਇਮਾਰਤਾਂ ਭਾਵ ਪ੍ਰਸ਼ਾਸਨਿਕ ਇਮਾਰਤਾਂ ਸ਼ਹਿਰ ਉੱਤਰ ਵੱਲ ਮੁੱਢਲੇ ਸੈਕਟਰਾਂ ਵਿੱਚ ਬਣੀਆਂ ਹੋਈਆਂ ਹਨ। ਇਹ ਸੈਕਟਰ ਆਪਣੀ ਭੂਗੋਲਿਕ ਸਥਿਤੀ ਕਾਰਨ ਬਾਕੀ ਸੈਕਟਰਾਂ ਨਾਲੋਂ ਕੁਝ ਉਚਾਈ 'ਤੇ ਬਣੇ ਹਨ। ਕੁੱਲ ਮਿਲਾ ਕੇ ਚੰਡੀਗੜ੍ਹ ਸ਼ਹਿਰ ਸਦੀਆਂ ਪੁਰਾਣੇ ਹੜੱਪਾ ਮੁਹਿੰਜੋਦੜੋ ਸ਼ਹਿਰਾਂ ਦਾ ਆਧੁਨਿਕ ਰੂਪ ਹੈ। ਫਿਰ ਵਕਤ ਦਾ ਪਹੀਆ ਬਦਲਿਆ। ਪੜ੍ਹਾਈ ਪੂਰੀ ਕਰ ਜ਼ਿੰਦਗੀ ਦੀ ਜਦੋਜਹਿਦ ਵਿਚ ਨੌਕਰੀ ਕਰਦਿਆਂ ਤੇ ਪਰਿਵਾਰਕ ਜ਼ਿੰਮੇਵਾਰੀਆਂ ਨਿਭਾਉਂਦਿਆਂ ਕੁਝ ਵਰ੍ਹੇ ਹੋਰ ਲੰਘ ਗਏ। ਫਿਰ ਮੈਨੂੰ ਤੇਰਾਂ ਸਾਲ ਪੰਜਾਬ ਦੇ ਬਠਿੰਡਾ ਜ਼ਿਲ੍ਹੇ ਦੇ ਛੋਟੇ ਜਿਹੇ ਕਸਬੇ ਰਾਮਾਂ ( ਮੰਡੀ ) ਰਹਿਣ ਦਾ ਮੌਕਾ ਮਿਲਿਆ। ਰਾਮਾਂ ਮੰਡੀ ਜੋ ਕਿ ਗੁਰੂ ਗੋਬਿੰਦ ਸਿੰਘ ਆਇਲ ਰਿਫਾਇਨਰੀ ਲਈ ਮਸ਼ਹੂਰ ਹੈ ਵੀ ਹੜੱਪਾ ਮੁਹਿੰਜੋਦੜੋ ਸਭਿਅਤਾ ਦੇ ਸ਼ਹਿਰਾਂ ਵਾਂਗ ਬਣੀ ਹੈ। ਖੁਲ੍ਹੀਆਂ ਸਿੱਧੀਆਂ ਗਲੀਆਂ ਦੋ ਇੱਕ ਦੂਜੇ ਨੂੰ ਨੱਬੇ ਦੇ ਕੌਣ 'ਤੇ ਕੱਟਦੀਆਂ ਹਨ ਪਰ ਨਵੀਂ ਵਸੋਂ ਬੜੀ ਬੇਤਰਤੀਬੀ ਤੇ ਉਗੜੇ ਦੁਗੜੇ ਢੰਗ ਨਾਲ ਬਣੀ ਹੈ। ਸਫ਼ਾਈ ਦੀ ਬੇਹੱਦ ਘਾਟ ਹੈ, ਤੇ ਕੂੜੇ ਕਰਕਟ ਦੀ ਵੀ ਕੋਈ ਕਮੀਂ ਨਹੀਂ। ਅੱਜ ਕੱਲ ਦੇ ਹਲਾਤਾਂ ਦਾ ਤਾਂ ਪਤਾ ਨਹੀਂ ਪਰ ਜਿਸ ਸਮੇਂ ਮੈਂ ਰਾਮਾਂ ਵਿਖੇ ਰਿਹਾ ਉਸ ਸਮੇਂ ਰਾਮਾਂ ਦੀ ਮਿਉਂਸਪਲ ਕਮੇਟੀ ਦੇ ਕੌਂਸਲਰ ਅਤੇ ਪ੍ਰਧਾਨ ਲੋਕਾਂ ਦੀਆਂ ਸੁੱਖ ਸਹੂਲਤਾਂ ਦੀ ਬਜਾਏ ਵਧੇਰੇ ਕਰਕੇ ਆਪਣੀਆਂ ਕੁਰਸੀਆਂ ਨੂੰ ਬਚਾਈ ਰੱਖਣ ਲਈ ਵਧੇਰੇ ਫ਼ਿਕਰਮੰਦ ਸਨ। ਫਿਰ ਜਦ ਪਹਿਲੀ ਵਾਰ ਮੋਦੀ ਸਰਕਾਰ ਆਈ ਤਾਂ ਦੇਸ਼ ਵਿਆਪੀ ਸਫ਼ਾਈ ਅਭਿਆਨ ਚੱਲਿਆ ਜਿਸ ਦਾ ਹਿੱਸਾ ਇੱਕ ਹੱਦ ਤੱਕ ਮੈਂ ਵੀ ਬਣਿਆ। ਪਰ ਹੁਣ ਮੋਦੀ ਸਰਕਾਰ ਨੂੰ ਆਏ ਵੀ ਦੋ ਦਹਾਕੇ ਤੋਂ ਵਧੇਰੇ ਸਮਾਂ ਹੋ ਗਿਆ ਹੈ ਪਰ ਸ਼ਹਿਰਾਂ ਦੀਆਂ ਸਫ਼ਾਈ ਸਹੂਲਤਾਂ ਵਿੱਚ ਕੋਈ ਬਹੁਤਾ ਸੁਧਾਰ ਨਹੀਂ ਹੋਇਆ ਹੈ। ਵਕਤ ਆਪਣੀ ਚਾਲ ਚੱਲਦਾ ਰਿਹਾ ਤੇ ਹੁਣ ਪਿਛਲੇ ਲੱਗਭਗ ਨੌਂ ਵਰਿਆਂ ਤੋਂ ਸਾਊਥ ਆਸਟ੍ਰੇਲੀਆ ਦੇ ਰਾਜਧਾਨੀ ਸ਼ਹਿਰ ਐਡੀਲੇਡ ਦਾ ਵਸਨੀਕ ਬਣ ਗਿਆ ਹਾਂ। ਇੱਥੇ ਹੀ ਪਰਿਵਾਰ ਸਮੇਤ ਵਸੇਬਾ ਕਰ ਲਿਆ ਹੈ। ਇਹ ਸ਼ਹਿਰ ਵਿਚ ਆ ਕੇ ਲੱਗਦਾ ਹੈ ਜਿਵੇਂ ਮੈਂ ਬਚਪਨ ਤੋਂ ਵੇਖੇ ਆਪਣੇ ਸੁਫ਼ਨੇ ਦੀ ਮੰਜ਼ਿਲ ਪਾ ਲਈ ਹੋਵੇ। ਐਡੀਲੇਡ ਆਸਟ੍ਰੇਲੀਆ ਦਾ ਪੰਜਵਾਂ ਵੱਧ ਵਸੋਂ ਵਾਲਾ ਸ਼ਹਿਰ ਹੈ ਜਿਸ ਦੀ ਕੁੱਲ ਆਬਾਦੀ ਲੱਗਭਗ 22 ਲੱਖ ਦੇ ਕਰੀਬ ਹੈ। ਐਡੀਲੇਡ ਸਾਊਥ ਆਸਟ੍ਰੇਲੀਆ ਜੋ ਕਿ ਮੁੱਖ ਤੌਰ ਤੇ ਇੱਕ ਮਾਰੂਥਲ ਸਟੇਟ ਹੈ ਦੀ ਹਰੀ ਭਰੀ ਰਾਜਧਾਨੀ ਹੈ। ਸਾਊਥ ਆਸਟ੍ਰੇਲੀਆ ਦਾ ਖੇਤਰਫਲ ਸਾਡੇ ਪੰਜਾਬ ਤੋਂ ਲੱਗਭਗ ਪੰਜਾਹ ਗੁਣਾਂ ਹੈ ਅਤੇ ਪੂਰੇ ਸਾਊਥ ਆਸਟ੍ਰੇਲੀਆ ਦੀ ਅਬਾਦੀ ਲੱਗਭਗ 24-25 ਲੱਖ ਦੇ ਕਰੀਬ ਹੈ। ਜ਼ਿਆਦਾਤਰ ਅਬਾਦੀ ਐਡੀਲੇਡ ਵਿਖੇ ਹੀ ਰਹਿੰਦੀ ਹੈ। ਸਾਊਥ ਆਸਟ੍ਰੇਲੀਆ ਦਾ ਦੂਜਾ ਵੱਡਾ ਸ਼ਹਿਰ ਮਾਊਂਟ ਗੈਂਬੀਅਰ ਹੈ ਜਿਸ ਦੀ ਅਬਾਦੀ ਲੱਗਭਗ 27 ਹਜ਼ਾਰ ਦੇ ਕਰੀਬ ਹੈ। ਐਡੀਲੇਡ ਸ਼ਹਿਰ ਦੇ ਪੂਰਬ ਵੱਲ ਪਹਾੜੀਆਂ ਅਤੇ ਪੱਛਮ ਵੱਲ ਸਮੁੰਦਰੀ ਕੰਢਾ ਹੈ। ਉੱਤਰ ਵੱਲ ਹਰੇ ਭਰੇ ਉਪਜਾਊ ਮੈਦਾਨ ਹਨ ਤੇ ਦੱਖਣ ਵੱਲ ਫਿਰ ਵਿਸ਼ਾਲ ਸਮੁੰਦਰ ਲੱਗਦਾ ਹੈ। ਪੂਰਬ ਤੋਂ ਪੱਛਮ ਵੱਲ ਸ਼ਹਿਰ ਦੀ ਚੌੜਾਈ ਲੱਗਭਗ 22 ਤੋਂ 25 ਕਿਲੋਮੀਟਰ ਹੈ। ਤੇ ਉੱਤਰ ਤੋਂ ਦੱਖਣ ਵੱਲ ਲੰਬਾਈ ਲੱਗਭਗ 90 ਤੋਂ 110 ਕਿਲੋਮੀਟਰ ਹੈ। ਸ਼ਹਿਰ ਵਿੱਚ ਸਫ਼ਾਈ ਪ੍ਰਬੰਧ ਬਹੁਤ ਕੁਸ਼ਲ ਹੈ। ਪਾਣੀ ਦਾ ਨਿਕਾਸ ਢੱਕਿਆ ਹੋਇਆ ਤੇ ਸੰਚਾਰੂ ਹੈ। ਜ਼ਿਆਦਾਤਰ ਸੜਕਾਂ ਸਿੱਧੀਆਂ ਤੇ ਸਮਾਨਾਂਤਰ ਹਨ। ਇਸੇ ਤਰ੍ਹਾਂ ਇਨ੍ਹਾਂ ਸੜਕਾਂ ਨੂੰ ਜੋੜਦੀਆਂ ਸੜਕਾਂ, ਗਲੀਆਂ ਜਾਂ ਐਵੀਨਿਊਜ ਵੀ ਸਮਾਂਨਾਂਤਰ ਤੇ ਸਿੱਧੇ ਹਨ। ਸ਼ਹਿਰ ਵਿੱਚ ਅਨੇਕਾਂ ਹੀ ਖੇਡ ਮੈਦਾਨ, ਪਾਰਕ, ਬਾਗ਼ ਤੇ ਖੁਲ੍ਹੇ ਮੈਦਾਨ ਹਨ। ਕੁਦਰਤ ਵਿੱਚ ਮੌਜਮਸਤੀ ਕਰਨ ਲਈ ਸਹੂਲਤਾਂ ਦੀ ਕੋਈ ਘਾਟ ਨਹੀਂ। ਇਕ ਵਾਰ ਮੇਰੇ ਇਕ ਦੋਸਤ ਨਾਲ ਟੈਲੀਫੋਨ ਤੇ ਗੱਲਬਾਤ ਹੋ ਰਹੀ ਸੀ। ਗੱਲਾਂ ਗੱਲਾਂ ਵਿੱਚ ਦੋਸਤ ਨੇ ਪੁੱਛਿਆ ਕਿ ਐਡੀਲੇਡ ਵਿੱਚ ਕਿੰਨੇ ਕੁ ਪਾਰਕ ਜਾਂ ਖੇਡ ਮੈਦਾਨ ਹਨ। ਮੈਂ ਦਿਮਾਗ਼ 'ਤੇ ਜ਼ੋਰ ਪਾ ਕੇ ਜਵਾਬ ਦਿੱਤਾ ਸ਼ਾਇਦ ਤਿੰਨ ਜਾਂ ਚਾਰ ਸੌ। "ਤਿੰਨ ਜਾਂ ਚਾਰ ਸੌ!" ਸ਼ਾਇਦ ਉਸਨੂੰ ਮੇਰੀ ਗੱਲ 'ਤੇ ਯਕੀਨ ਨਹੀਂ ਸੀ ਆਇਆ। ਮੈਂ ਬਾਅਦ ਵਿੱਚ ਗੂਗਲ ਸਰਚ ਕਰਕੇ ਪਤਾ ਕੀਤਾ ਤਾਂ ਪਤਾ ਲੱਗਿਆ ਕਿ ਸਾਡੇ ਸ਼ਹਿਰ ਐਡੀਲੇਡ ਵਿੱਚ 300-400 ਨਹੀਂ ਬਲਕਿ ਲੱਗਭਗ 10500 ਦੇ ਕਰੀਬ ਪਾਰਕ, ਬਾਗ਼ ਜਾਂ ਖੇਡ ਦੇ ਮੈਦਾਨ ਹਨ। ਹੈ ਨਾ ਕਮਾਲ ਦੀ ਗੱਲ! ਖੈਰ ਇੱਕ ਵਾਰ ਐਡੀਲੇਡ ਦੀ ਗੱਲ ਇੱਥੇ ਖ਼ਤਮ ਕਰਦੇ ਹਾਂ। ਖੁਸ਼ੀ ਇਸ ਗੱਲ ਦੀ ਹੈ ਕਿ ਬਚਪਨ ਵਿਚ ਜਿਹੋ ਜਿਹੇ ਸ਼ਹਿਰ ਵਿਚ ਰਹਿਣ ਦਾ ਸੁਫ਼ਨਾ ਬੁਣਿਆ ਸੀ ਜਾਂ ਰਹਿਣ ਦੀ ਕਲਪਨਾ ਕੀਤੀ ਸੀ, ਉਸ ਨੂੰ ਸਾਕਾਰ ਕਰ ਲਿਆ ਹੈ। ਸ਼ਾਲਾ! ਇਸੇ ਤਰ੍ਹਾਂ ਸਭ ਦੇ ਸੁਫ਼ਨੇ ਤੇ ਉਮੀਦਾਂ ਪੂਰੀਆਂ ਹੋਣ। ਆਮੀਨ।
Please log in to comment.