ਕਹਾਣੀ "ਚੋਭਾਂ" ਬੇਸ਼ਕ ਸਵੇਰੇ ਜਲਦੀ ਤਿਆਰ ਹੋ ਸਰਕਾਰੀ ਹਸਪਤਾਲ ਪਹੁੰਚ ਗਏ, ਪਰ ਫਿਰ ਵੀ ਲਾਈਨ ਕਾਫ਼ੀ ਲੱਗੀ ਹੋਈ ਸੀ।ਅਮਨ ਵੱਲ ਵੇਖ ਮਨ ਚਿੰਤਤ ਜਿਹਾ ਹੋ ਗਿਆ, ਪਰ ਉਹ ਬਿਨਾਂ ਬੋਲੇ ਜਲਦੀ ਜਲਦੀ ਲਾਈਨ ਵਿੱਚ ਲੱਗ ਗਈ।ਅੱਧੇ ਘੰਟੇ ਤੋਂ ਉੱਪਰ ਹੋ ਗਿਆ, ਪਰ ਹਾਲੇ ਡਾਕਟਰ ਵੀ ਨਹੀਂ ਆਈ ਸੀ।ਮੈਂ ਥੋੜ੍ਹੀ ਦੂਰ ਖੜ੍ਹਾ ਰਿਹਾ।ਮੇਰਾ ਸਾਰਾ ਧਿਆਨ ਅਮਨ ਵੱਲ ਹੀ ਸੀ।ਨਾਲ ਹੀ ਕੁਰਸੀ 'ਤੇ ਬੈਠੇ ਬਜ਼ੁਰਗ ਨੇ ਮੈਨੂੰ ਦੋ ਤਿੰਨ ਵਾਰ ਬੈਠਣ ਦਾ ਇਸ਼ਾਰਾ ਕੀਤਾ।ਪਰ ਮੈਂ ਹਰ ਵਾਰ ਮਨ੍ਹਾਂ ਕਰ ਦਿੰਦਾ।ਪੰਜਵਾਂ ਮਹੀਨਾ ਚੱਲ ਰਿਹਾ ਸੀ। ਇਸੇ ਲਈ ਡਾਕਟਰ ਤੋਂ ਚੈੱਕਅਪ ਲਈ ਆਏ ਸੀ।ਤਕਰੀਬਨ ਡੇਢ ਘੰਟੇ ਦੀ ਜੱਦੋ ਜਹਿਦ ਬਾਅਦ ਅਮਨ ਦਵਾਈ ਲੈ ਮਸੀਂ ਬਾਹਰ ਆਈ।ਥੋੜ੍ਹੀ ਤਕਲੀਫ਼ ਵਿੱਚ ਸੀ, ਪਰ ਮੇਰੇ ਕੋਲ ਆ ਮੁਸਕਰਾ ਬੋਲੀ.....ਤੁਸੀਂ ਕਦੋਂ ਦੇ ਖਡ਼੍ਹੇ ਹੋ, ਬਾਪੂ ਜੀ ਨੇ ਵੀ ਤੁਹਾਨੂੰ ਕਿੰਨਾ ਕਿਹਾ ਸੀ ਬੈਠਣ ਲਈ, ਪਰ ਬੈਠੇ ਕਿਓਂ ਨਹੀਂ? ਕਰਮਾਂ ਵਾਲੀਏ, ਤੇਰੀਆਂ ਚੋਭਾਂ ਦਾ ਦਰਦ ਕੁਝ ਸਮੇਂ ਲਈ ਆਪਣੇ ਵਜੂਦ 'ਤੇ ਹੰਢਾ ਕੇ ਵੇਖ ਰਿਹਾ ਸੀ 'ਤੇ ਅਹਿਸਾਸ ਹੋਇਆ ਕੇ ਤੇਰੀ ਇਸ ਤਕਲੀਫ ਨੂੰ ਮਹਿਸੂਸ ਕਰਨ ਦੇ ਤਾਂ ਮੈਂ ਕਾਬਲ ਵੀ ਨਹੀਂ ,ਅਜਿਹੀ ਹਾਲਤ ਵਿੱਚ ਜੇ ਤੂੰ ਘੰਟਿਆਂ ਬੱਧੀ ਖੜ ਸਕਦੀ ਏਂ, ਤਾਂ ਮੈਂ ਕਿਵੇਂ ਬੈਠ ਸਕਦਾ ਹਾਂ।ਅਮਨ ਨੇ ਘੁੱਟ ਹੱਥ ਫੜ ਲਿਆ।ਚਾਰੇ ਪਾਸੇ ਮਿੱਠੀ ਜਿਹੀ ਚੁੱਪ ਪਸਰ ਗਈ 'ਤੇ ਪਤਾ ਹੀ ਨਹੀਂ ਲੱਗਾ ਕਦ ਹਸਪਤਾਲੋਂ ਬਾਹਰ ਨਿਕਲ ਗਏ। ਕੁਲਵੰਤ ਘੋਲੀਆ 95172-90006
Please log in to comment.