ਗੋਦੀ ਚੁੱਕੀ ਬਾਲੜੀ ਮੇਲੇ ਦੀ ਰੌਣਕ ਨੂੰ ਨਿਹਾਰ ਰਹੀ ਸੀ।ਉਹ ਤੇਜ਼ੀ ਨਾਲ ਮੇਲੇ ਦੀਆਂ ਰੌਣਕਾਂ ਨੂੰ ਅਣਦੇਖਿਆ ਕਰ ਭੀੜ ਨੂੰ ਚੀਰਦਾ ਦੱਸੀ ਥਾਂ 'ਤੇ ਜਾ ਪਹੁੰਚਿਆ।ਉਸ ਬਾਰਾਂ ਕੁ ਸਾਲ ਦੇ ਬੱਚੇ ਨੇ ਮੋਢੇ ਟੰਗੇ ਭਾਰੀ ਝੋਲੇ ਨੂੰ ਜ਼ਮੀਨ 'ਤੇ ਰੱਖ ਦਿੱਤਾ 'ਤੇ ਵਿੱਚੋਂ ਇੱਕ ਚਾਦਰ ਕੱਢ ਵਿਛਾ ਦਿੱਤੀ 'ਤੇ ਗੋਦੀ ਚੁੱਕੀ ਉਸ ਬੱਚੀ ਨੂੰ ਚਾਦਰ 'ਤੇ ਬਿਠਾ ਦਿੱਤਾ।ਆਸੇ ਪਾਸੇ ਨਜ਼ਰ ਮਾਰੀ ਤਾਂ ਸੈਂਕੜੇ ਵੱਡੀਆਂ ਵੱਡੀਆਂ 'ਤੇ ਕੀਮਤੀ ਖਿਡੌਣਿਆਂ ਦੀਆਂ ਦੁਕਾਨਾਂ ਸਜ ਚੁੱਕੀਆਂ ਸਨ।ਮਨ ਥੋੜ੍ਹਾ ਘਬਰਾਇਆ। ਲਗਦਾ!ਅੱਜ ਤਾਂ ਕਿਰਾਇਆ ਵੀ ਪੂਰਾ ਨਹੀਂ ਹੋਣਾ? ਜਲਦੀ ਹੀ ਝੋਲੇ ਵਿੱਚੋਂ ਗੁਬਾਰਿਆਂ ਦਾ ਲਿਫ਼ਾਫ਼ਾ ਕੱਢ ਉਨ੍ਹਾਂ ਨੂੰ ਫਲਾਉਣਾ ਸ਼ੁਰੂ ਕਰ ਦਿੱਤਾ ਅਤੇ ਨਾਲ ਹੀ ਆਵਾਜ਼ ਲਗਾ ਦਿੱਤੀ "ਗੁਬਾਰੇ ਲੈ ਲਓ ਗ਼ੁਬਾਰੇ" ਰੰਗ ਬਿਰੰਗੇ ਗੁਬਾਰਿਆਂ ਨੂੰ ਵੇਖ ਉਹ ਬੱਚੀ ਵੀ ਗੁਬਾਰੇ ਵੱਲ ਹੱਥ ਵਧਾਉਂਦੀ।ਪਰ ਉਹ ਬੱਚਾ ਉਸ ਨੂੰ ਫਿਰ ਪਿੱਛੇ ਕਰ ਦਿੰਦਾ ।ਸ਼ਾਮ ਤਕ ਗੁਬਾਰੇ ਵਿਕ ਗਏ ਪਰ ਇਕ ਗੁਬਾਰਾ ਉਸ ਨੇ ਉਸ ਬੱਚੀ ਲਈ ਰੱਖ ਲਿਆ।ਛੋਟੀ ਬੱਚੀ ਗੁਬਾਰਾ ਹੱਥ ਵਿੱਚ ਫੜ ਬੇਹਦ ਖੁਸ਼ ਹੋਈ।ਸਾਰਾ ਦਿਨ ਧੁੱਪ ਵਿਚ ਕੁਮਲਾਇਆ ਗੁਬਾਰਾ ਜਲਦੀ ਹੀ ਫਟ ਗਿਆ। ਇਹ ਵੇਖ ਬੱਚੀ ਰੋਣ ਲੱਗੀ,ਪਰ ਉਸ ਬੱਚੇ ਨੇ ਝੱਟ ਪੱਟ ਆਪਣੇ ਮੂੰਹ ਵਿੱਚ ਹਵਾ ਭਰ ਉਸ ਬੱਚੀ ਮੂਹਰੇ ਜਾ ਦੋਵੇਂ ਹੱਥਾਂ ਦੀਆਂ ਮੁੱਕੀਆਂ ਬਣਾ ਆਪਣੀਆਂ ਗੱਲਾਂ 'ਤੇ ਮਾਰੀਆਂ ,ਗੁਬਾਰੇ ਵਾਂਗ ਫੁੱਟਣ ਦੀ ਆਵਾਜ਼ ਸੁਣ ਬੱਚੀ ਖਿੜਖੜਾ ਹੱਸਣ ਲੱਗੀ।ਇਹ ਤਾਂ ਰੱਬ ਵੱਲੋਂ ਬਖਸ਼ਿਸ਼ ਹੀ ਹੈ ਗ਼ਰੀਬਾਂ 'ਤੇ ਕਿ ਉਹ ਦੁੱਖ ਵਿੱਚੋਂ ਵੀ ਖ਼ੁਸ਼ੀ ਲੱਭ ਲੈਂਦੇ ਨੇ। ਸ਼ਾਮ ਢਲ ਚੁੱਕੀ ਸੀ 'ਤੇ ਉਸ ਬੱਚੇ ਤੋਂ ਥੋੜ੍ਹੀ ਜਿਹੀ ਦੂਰ ਇਕੱਠ ਹੋਇਆ। ਜਦ ਉਸ ਨੇ ਜਾ ਕੇ ਵੇਖਿਆ ਤਾਂ ਪਤਾ ਲੱਗਾ ਕੇ ਕਮੇਟੀ ਦੇ ਮੋਹਤਬਾਰ ਆਪਸ ਵਿੱਚ ਇਨ੍ਹਾਂ ਦੁਕਾਨਾਂ ਦੇ ਕਿਰਾਏ ਪਿੱਛੇ ਗੁਥਮਗੁੱਥੀ ਹੋ ਚੁੱਕੇ ਸਨ।ਉਹ ਬੱਚਾ ਦਿਨ ਭਰ ਦੀ ਕੀਤੀ ਮਿਹਨਤ ਤੋਂ ਸੰਤੁਸ਼ਟ ਹੋਇਆ ਫਿਰ ਭੀੜ ਨੂੰ ਚੀਰਦਾ ਅੱਗੇ ਵਧਣ ਲੱਗਿਆ 'ਤੇ ਗੋਦੀ ਚੁੱਕੀ ਬੱਚੀ ਮੇਲੇ ਦੀਆਂ ਰੌਣਕਾਂ ਨੂੰ ਫਿਰ ਨਿਹਾਰਦੀ ਰਹੀ। ਕੁਲਵੰਤ ਘੋਲੀਆ 95172-90006
Please log in to comment.