ਪਹਿਲਾਂ ਰਿਵਾਜ ਹੀ ਸੀ ਵਿਹੁਤਾ ਕੁੜੀ ਦਾ ਜਾਂ ਨਵੀਂ ਆਈ ਨੂੰਹ ਦਾ ਦਾਜ ਦਾ ਸਮਾਨ ਦਿਖਾਉਣ ਦਾ। ਸਾਨੂੰ ਬੜਾ ਹੀ ਚਾਅ ਹੁੰਦਾ ਜੇ ਕਿਸੇ ਘਰ ਵਿਆਹ ਹੁੰਦਾ ਖ਼ਾਸ ਕਰ ਮੁੰਡੇ ਦਾ। ਕਿਉਂਕਿ ਉਸ ਘਰ ਦੀ ਨੂੰਹ ਨੇ ਦਾਜ਼ ਵਿਚ ਨਵੇਂ ਨਮੂਨੇ ਲਿਆਉਣੇ ਹੁੰਦੇ ਸੀ ਤੇ ਫੇਰ ਸਾਰੇ ਵਿਹੜੇ ਦੀਆਂ ਕੁੜੀਆਂ ਬੁੜੀਆਂ ਨੇ ਉਸ ਘਰ ਨਵੀਂ ਬਹੁਟੀ ਦਾ ਸਮਾਨ ਵੇਖਣ ਜ਼ਰੂਰ ਜਾਣਾ ਤੇ ਜੋ ਚੀਜ਼ ਵੱਖਰੀ ਹੁੰਦੀ ਉਸ ਵਰਗੀ ਅਸੀਂ ਆਪ ਵੀ ਬਣਾਉਂਣੀ। ਇੱਕ ਵਾਰ ਦੀ ਗੱਲ ਹੈ ਸਾਡੇ ਗੁਆਂਢ ਚ ਵਿਆਹ ਹੋਇਆ ਕਿਸੇ ਮੁੰਡੇ ਦਾ ਉਨ੍ਹਾਂ ਦੇ ਘਰੋਂ ਉਹਨਾਂ ਦੇ ਕੰਮ ਵਾਲੀ ਸਾਰੇ ਗੁਆਂਢ ਨੂੰ ਸੱਦਾ ਦੇ ਕੇ ਗਈ ਸਮਾਨ ਵੇਖਣ ਦਾ ਅਸੀ ਸਾਰੇ ਵਿਹੜੇ ਦੀਆਂ ਕੁੜੀਆਂ ਬੁੜੀਆਂ ਇੱਕਠੀਆਂ ਹੋ ਕੇ ਗਈਆਂ ਸਮਾਂਨ ਵੇਖਣ। ਉਸ ਵਹੁਟੀ ਕੋਲ ਜੋ ਰਿਸ਼ਤੇ ਵਿੱਚ ਮੇਰੀ ਭਾਬੀ ਲੱਗਦੀ ਸੀ ਇੱਕ ਬੈਡਾਂ ਦੀ ਚਾਦਰ ਕੱਢੀ ਹੋਈ ਬਹੁਤ ਹੀ ਭਾਰੀ ਕੜਾਈ ਮੈਨੂੰ ਬਹੁਤ ਪਸੰਦ ਆਈ ਮੈਂ ਪੁੱਛ ਲਿਆ ਭਾਬੀ ਆਹ ਕਿਵੇਂ ਕੱਢੀ ਤੁਸੀਂ ਆਪ ਕੱਢੀ ਏ ਮੈਨੂੰ ਦੱਸਣਾ ਮੈਂ ਵੀ ਇਵੇਂ ਦੀ ਚਾਦਰ ਕੱਢਾਂਗੀ। ਭਾਬੀ ਨੇ ਕਿਹਾ ਹਾਂ ਮੈਂ ਹੀ ਕੱਢੀ ਏ ਦੱਸ ਦੇਵਾਂਗੀ ਕੋਈ ਗੱਲ ਨਹੀਂ ਤੁਸੀਂ ਚਾਦਰ ਲੈ ਆਇਓ। ਮੈਨੂੰ ਮੰਮੀ ਨੇ ਕਈ ਦਿਨਾਂ ਬਾਅਦ ਚਾਦਰ ਤੇ ਰੀਲਾਂ ਲਿਆ ਦਿੱਤੀਆਂ ਕਿਉਂਕਿ ਮੇਰੀ ਜਿੱਦ ਸੀ ਉਹੋ ਜਿਹੀ ਚਾਦਰ ਕੱਢਣ ਦੀ। ਜਦੋਂ ਮੈਂ ਭਾਬੀ ਕੋਲ ਚਾਦਰ ਦਾ ਡਿਜ਼ਾਈਨ ਪੁੱਛਣ ਗਈ ਤਾਂ ਭਾਬੀ ਆਲ - ਮਟੋਲ ਜਿਹਾ ਕਰਨ ਲੱਗੀ। ਮੈਂ ਕਿਹਾ ਭਾਬੀ ਇੱਕ ਵਾਰ ਦੱਸ ਦਿਓ ਬਾਕੀ ਤਾਂ ਮੈਂ ਆਪੇ ਕੱਢ ਲਵਾਂਗੀ ਪਰ ਭਾਬੀ ਦੱਸ ਨਹੀਂ ਰਹੀ ਸੀ। ਮੇਰੇ ਵਾਰ - ਵਾਰ ਕਹਿਣ ਤੇ ਭਾਬੀ ਨੇ ਕਿਹਾ ਇਹ ਚਾਦਰ ਤਾਂ ਮੈਨੂੰ ਸਾਡੇ ਘਰ ਦੇ ਹਾਰੇ ਕੋਲ ਬਹਿ ਕੇ ਹੀ ਕੱਢਣੀ ਆਉਂਦੀ ਏ। ਮੈਂ ਕਿਹਾ ਇਵੇਂ ਵੀ ਹੋ ਜਾਂਦਾ ਕਿ ਹੋਰ ਕਿਤੇ ਆਵੇ ਹੀ ਨਾਂ। ਮੈਂ ਘਰ ਆ ਗਈ ਘਰ ਆ ਕੇ ਜਦੋਂ ਮੈਂ ਮਾਂ ਨੂੰ ਸਾਰੀ ਗੱਲ ਦੱਸੀ ਤਾਂ ਮੰਮੀ ਹੱਸਣ ਲੱਗ ਪਏ ਤੇ ਮੈਨੂੰ ਕਹਿਣ ਲੱਗੇ ਕਿ ਪੁੱਤ ਇਸੇ ਤਰ੍ਹਾਂ ਹੀ ਹੁੰਦਾ ਏ ਉਹ ਚਾਦਰ ਕਿਸੇ ਹੋਰ ਨੇ ਕੱਢੀ ਹੋਊ ਪੁੱਤ ਤੇਰੀ ਭਾਬੀ ਨੇ ਨੀਂ ਕੱਢੀ ਹੋਣੀ ਉਹ ਤਾਂ ਹੀ ਬਹਾਨਾ ਲਾਉਂਦੀ ਏ। ਮੈਂ ਸਾਰੀ ਗੱਲ ਸਮਝ ਗਈ ਫਿਰ ਮੇਰੀ ਮਾਂ ਨੇ ਉਸ ਚਾਦਰ ਦਾ ਡਿਜ਼ਾਈਨ ਲਾਹ ਕੇ ਦਿੱਤਾ ਮੈਨੂੰ ਪਰ ਮੈਂ ਉਹ ਚਾਦਰ ਕੱਢ ਕੇ ਹਟੀ ਤੇ ਅੱਜ ਵੀ ਮੇਰੇ ਕੋਲ ਏ ਬਹੁਤ ਭਾਰਾ ਡਿਜ਼ਾਈਨ ਹੈ ਲਾਉਣ ਨੂੰ ਜੀਅ ਨਹੀਂ ਕਰਦਾ। ਧੰਨਵਾਦ ਜੀ।
Please log in to comment.